ਲੇਖ - ਸ਼੍ਰੀ ਗੁਰੂ ਨਾਨਕ ਦੇਵ ਜੀ
ਭਾਰਤ ਰਿਸ਼ੀਆਂ-ਮੁਨੀਆਂ , ਪੈਗੰਬਰਾਂ ਅਤੇ ਅਵਤਾਰਾਂ ਦੀ ਧਰਤੀ ਹੈ । ਇੱਥੇ ਸਮੇਂ - ਸਮੇਂ 'ਤੇ ਪੈਦਾ ਹੋਏ ਸਾਧੂ - ਸੰਤਾਂ ਅਤੇ ਅਵਤਾਰਾਂ ਨੇ ਪਾਪਾਂ ਨੂੰ ਖ਼ਤਮ ਕਰਕੇ ਸੱਚ ਦਾ ਪ੍ਰਕਾਸ਼ ਕਰਨ ਦਾ ਯਤਨ ਕੀਤਾ । ਇੱਕ ਵੇਲਾ ਐਸਾ ਆਇਆ ਜਦੋਂ ਭਾਰਤ ਵਿੱਚ ਚਾਰੇ ਪਾਸੇ ਪਾਪਾਂ ਦਾ ਬੋਲਬਾਲਾ ਸੀ , ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ। ਰਾਜੇ ਪਰਜਾ ਨੂੰ ਲੁੱਟ ਰਹੇ ਸਨ। ਉਲਟੀ ਵਾੜ ਖੇਤ ਨੂੰ ਖਾ ਰਹੀ ਸੀ । ਉਸ ਵੇਲੇ ਸੱਚ ਦੀ ਅਵਾਜ਼ ਦੇ ਰੂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ । ਇਸ ਨਾਲ ਪਾਪਾਂ ਦੀ ਧੁੰਦ ਹਟ ਗਈ, ਅਗਿਆਨਤਾ ਦਾ ਹਨੇਰਾ ਅਲੋਪ ਹੋ ਗਿਆ ਅਤੇ ਇਸ ਦੀ ਥਾਂ ਚਾਰੇ ਪਾਸੇ ਸੱਚ ਅਤੇ ਗਿਆਨ ਦਾ ਚਾਨਣ ਫੈਲ ਗਿਆ ।
ਸਿੱਖ ਕੌਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ . ਵਿੱਚ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆ । ਇਹ ਥਾਂ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਹ ਅੱਜ - ਕੱਲ੍ਹ ਪਾਕਿਸਤਾਨ ਵਿੱਚ ਹੈ । ਆਪ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਸਨ । ਮਹਿਤਾ ਕਾਲੂ ਜੀ ਬੇਦੀ ਕੁਲ ਵਿਚੋਂ ਸਨ ਅਤੇ ਪਿੰਡ ਦੇ ਪਟਵਾਰੀ ਸਨ । ਸੱਤ ਸਾਲ ਦੀ ਉਮਰ ਵਿੱਚ ਆਪ ਨੂੰ ਗੋਪਾਲ ਨਾਂ ਦੇ ਪਾਂਧੇ ਪਾਸ ਪੜ੍ਹਨੇ ਪਾਇਆ ਗਿਆ | ਆਪ ਨੇ ਪੰਡਤ ਬ੍ਰਿਜ ਨਾਥ ਤੋਂ ਸੰਸਕ੍ਰਿਤ ਅਤੇ ਮੌਲਵੀ ਰੁਕਨਦੀਨ ਕੋਲੋਂ ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ । ਬਚਪਨ ਤੋਂ ਹੀ ਆਪ ਦਾ ਝੁਕਾਅ ਪ੍ਰਭੂ ਭਗਤੀ ਵੱਲ ਸੀ । ਸੰਤਾਂ ਦੀ ਸੂਝ ਅਤੇ ਗਿਆਨ ਆਪ ਪਾਸ ਸੀ । ਇਸ ਲਈ ਬਹੁਤ ਕੁਝ ਪੜ੍ਹਨ ਦੀ ਲੋੜ ਨਹੀਂ ਸੀ ।
ਆਪ ਦੀ ਸੂਝ ਅਤੇ ਗਿਆਨ ਤੋਂ ਕਾਜ਼ੀ ਅਤੇ ਮੁੱਲਾਂ ਹੈਰਾਨ ਸਨ । ਪੰਡਤ ਨੂੰ ਜਨੇਊ ਪਾਉਣ ਲਈ ਸੱਦਿਆ ਗਿਆ । ਪਰੰਤੂ ਜਦੋਂ ਆਪ ਨੂੰ ਰੀਤੀ - ਰਿਵਾਜ ਅਨੁਸਾਰ ਜਨੇਊ ਧਾਰਨ ਕਰਨ ਲਈ ਕਿਹਾ ਗਿਆ ਤਾਂ ਆਪ ਨੇ ਸਾਫ਼ ਇਨਕਾਰ ਕਰ ਦਿੱਤਾ । ਆਪ ਨੂੰ ਸੂਝ ਸੀ ਕਿ ਫੋਕੇ ਕਰਮ - ਕਾਂਡ ਅਤੇ ਰੀਤੀ - ਰਿਵਾਜ ਮਨੁੱਖਤਾ ਲਈ ਦੁੱਖਾਂ ਦਾ ਕਾਰਨ ਹਨ । ਇਸ ਕਈ ਆਪ ਨੇ ਪੰਡਤ ਨੂੰ ਅਜਿਹਾ ਜਨੇਊ ਪਾਉਣ ਲਈ ਕਿਹਾ ਜੋ ਸਦੀਵੀ ਸਾਥ ਦੇਵੇ , ਨਾ ਟੁੱਟੇ ਨਾ ਮੈਲਾ ਹੋਵੇ ।
ਆਪ ਦੇ ਪਿਤਾ ਜੀ ਨੇ ਆਪ ਨੂੰ ਦੁਨਿਆਵੀ ਕੰਮਾਂ ਵੱਲ ਲਗਾਉਣ ਦੀ ਕੋਸ਼ਸ਼ ਕੀਤੀ । ਪਰ ਆਪ ਦਾ ਧਿਆਨ ਪ੍ਰਭੂ ਭਗਤੀ ਵੱਲ ਹੋਣ ਕਰਕੇ ਦੁਨਿਆਵੀ ਕੰਮਾਂ ਵਿੱਚ ਨਾ ਲੱਗਦਾ । ਪਿਤਾ ਜੀ ਨੇ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ | ਪ੍ਰਭੂ ਭਗਤੀ ਵਿੱਚ ਲੀਨ ਹੋਣ ਕਾਰਨ ਮੱਝਾਂ ਨੇ ਕਿਸੇ ਜੱਟ ਦਾ ਖ਼ੇਤ ਉਜਾੜ ਦਿੱਤਾ । ਉਲਾਂਭਾ ਆਇਆ ਪਰ ਜਦੋਂ ਜਾ ਕੇ ਦੇਖਿਆ ਤਾਂ ਉਹ ਖੇਤ ਹਰਾ - ਭਰਾ ਸੀ ।
ਜਦੋਂ ਪਿਤਾ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਤਾਂ ਆਪ ਨੇ ਉਨ੍ਹਾਂ 20 ਰੁਪਈਆਂ ਦਾ ਭੋਜਨ ਲੈ ਕੇ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ । ਪਿਤਾ ਜੀ ਦੇ ਪੁੱਛਣ ' ਤੇ ਆਪ ਨੇ ਕਿਹਾ , “ ਇਸ ਤੋਂ ਸੱਚਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ।" ਸੁਲਤਾਨਪੁਰ ਲੋਧੀ ਵਿਖੇ ਆਪ ਨੇ ਦੌਲਤ ਖ਼ਾਂ ਲੋਧੀ ਦੇ ਮੋਦੀਖ਼ਾਨੇ ਵਿੱਚ ਭੰਡਾਰੀ ਦੀ ਨੌਕਰੀ ਕੀਤੀ । ਆਪ ਲੋਕਾਂ ਨੂੰ ਸਮਾਨ ਦੋਣ ਸਮੇਂ ਤੇਰਾ - ਤੇਰਾ ਦਾ ਉੱਚਾਰਨ ਕਰਦੇ ਸਨ । ਲੋਕਾਂ ਨੇ ਦੌਲਤ ਖ਼ਾਂ ਨੂੰ ਸ਼ਿਕਾਇਤ ਕੀਤੀ ਕਿ ਆਪ ਸਾਰਾ ਮਾਲ ਲੁਟਾ ਰਹੇ ਹੋ ਪਰ ਜਾਂਚ ਕਰਨ 'ਤੇ ਮਾਲ ਵੱਧ ਨਿਕਲਿਆ । ਇਸ ਪਿੱਛੋਂ ਆਪ ਨੇ ਨੌਕਰੀ ਛੱਡ ਦਿੱਤੀ ।
ਸੁਤਲਾਨਪੁਰ ਲੋਧੀ ਵਿੱਚ ਵਾਸ ਸਮੇਂ ਇੱਕ ਦਿਨ ਆਪ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਉਤਰੇ । ਉੱਥੇ ਆਪ ਤਿੰਨ ਦਿਨ ਅਲੋਪ ਰਹੇ । ਚੌਥੇ ਦਿਨ ਜਦੋਂ ਬਾਹਰ ਆਏ ਤਾਂ ਆਪ ਦੇ ਬਚਨ ਸਨ :
“ ਨਾ ਕੋ ਹਿੰਦੂ ਨਾ ਕੋ ਮੁਸਲਮਾਣੁ ॥"
ਇਸ ਪ੍ਰਕਾਰ ਆਪ ਲਈ ਸਾਰੀ ਮਨੁੱਖਤਾ ਇੱਕ ਸਮਾਨ ਸੀ।
ਉੱਨੀ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਜੀ ਦੀ ਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ । ਆਪ ਦੇ ਘਰ ਸ੍ਰੀ ਚੰਦ ਜੀ ਅਤੇ ਲੱਖਮੀ ਦਾਸ ਜੀ ਨਾਂ ਦੇ ਦੋ ਪੁੱਤਰ ਪੈਦਾ ਹੋਏ ।
ਉਸ ਸਮੇਂ ਦੇ ਲੋਕਾਂ ਦੀ ਹਾਲਤ ਦੇਖ ਕੇ ਗੁਰੂ ਜੀ ਚਿੰਤਤ ਹੋਏ । ਇਸ ਲਈ ਆਪ ਨੇ 1499 ਤੋਂ 1521 ਤੱਕ ਚਾਰ ਦਿਸ਼ਾਵਾਂ ਵੱਲ ਚਾਰ ਉਦਾਸੀਆਂ ਕੀਤੀਆਂ । ਭਾਰਤ ਦੇ ਪ੍ਰਸਿੱਧ ਤੀਰਥਾਂ ਅਤੇ ਨਗਰਾਂ ਤੋਂ ਛੁੱਟ ਆਪ ਅਰਬ , ਈਰਾਨ , ਤਿੱਬਤ , ਚੀਨ ਅਤੇ ਲੰਕਾ ਤੱਕ ਵੀ ਗਏ । ਜਗਨਨਾਥ ਪੁਰੀ ਦੇ ਲੋਕਾਂ ਨੂੰ ਸੱਚੀ ਆਰਤੀ ਕਰਨੀ ਦੱਸੀ । ਮੱਕੇ - ਮਦੀਨੇ ਦੇ ਲੋਕਾਂ ਨੂੰ ਦੱਸਿਆ ਕਿ ਰੱਬ ਸਰਬ - ਵਿਆਪਕ ਹੈ । ਭਾਈ ਲਾਲੋ ਦੇ ਮਾਧਿਆਮ ਰਾਹੀਂ ਹੱਕ - ਹਲਾਲ ਦੀ ਕਮਾਈ ਦੀ ਵਡਿਆਈ ਦੱਸੀ । ਕੌਡੇ ਰਾਖਸ਼ , ਸੱਜਣ ਠੱਗ , ਵਲੀ ਕੰਧਾਰੀ , ਮਲਿਕ ਭਾਗੋ ਵਰਗਿਆਂ ਨੂੰ ਸਿੱਧੇ ਰਾਹ ਪਾਇਆ । ਇਸ ਪ੍ਰਕਾਰ ਆਪ ਨੇ ਲੋਕਾਂ ਦਾ ਉਧਾਰ ਕੀਤਾ । ਉਨ੍ਹਾਂ ਨੂੰ ਕਾਮ , ਕ੍ਰੋਧ , ਲੋਭ , ਮੋਹ ਅਤੇ ਹੰਕਾਰ ਵਾਲਾ ਜੀਵਨ ਤਿਆਗ ਕੇ ਸੱਚਾ - ਸੁੱਚਾ ਜੀਵਨ ਜਿਊਂਣ ਦਾ ਉਪਦੇਸ਼ ਦਿੱਤਾ ।
ਗੁਰੂ ਸਾਹਿਬ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ । ਜਪੁਜੀ ਸਾਹਿਬ , ਸਿੱਧ ਗੋਸ਼ਟਿ , ਆਸਾ ਦੀ ਵਾਰ , ਬਾਰਾਂਮਾਹ ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ । ਇਹ ਰਚਨਾ ਪੰਜਾਬੀ ਦੀ ਉੱਚ - ਕੋਟੀ ਦੀ ਰਚਨਾ ਕਹੀ ਜਾ ਸਕਦੀ ਹੈ । ਇਸ ਬਾਣੀ ਰਾਹੀਂ ਆਪ ਨੇ ਮਨੁੱਖਤਾ ਦੀ ਅਗਵਾਈ ਕੀਤੀ । ਧਾਰਮਿਕ ਅਤੇ ਸਦਾਚਾਰਕ ਉਪਦੇਸ਼ ਦਾ ਮਾਧਿਅਮ ਉਨ੍ਹਾਂ ਦੀ ਇਹ ਬਾਣੀ ਹੀ ਸੀ । ਸਮਾਜ ਸੁਧਾਰਕ ਵਜੋਂ ਆਪ ਨੇ ਦੱਬੀ - ਕੁਚਲੀ ਔਰਤ ਨੂੰ ਯੋਗ ਸਨਮਾਨ ਦਿਵਾਉਣ ਦਾ ਯਤਨ ਕੀਤਾ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਅੰਤਿਮ ਸਮੇਂ ਆਪ ਕਰਤਾਰਪੁਰ ਆ ਵੱਸੇ । ਗ੍ਰਹਿਸਤੀ ਜੀਵਨ ਬਸਰ ਕਰਦਿਆਂ ਵੀ ਆਪ ਨੇ ਸਭ ਨੂੰ ਸੱਚ ਦਾ ਮਾਰਗ ਦਿਖਾਇਆ । ਉਨ੍ਹਾਂ ਅਨੁਸਾਰ ਕੋਈ ਉੱਚਾ ਨਹੀਂ , ਕੋਈ ਨੀਵਾਂ ਨਹੀਂ । ਘਾਲ ਅਰਥਾਤ ਸੁੱਚੀ ਕਿਰਤ ਕਰਕੇ ਉਸ ਵਿੱਚੋਂ ਕੁਝ ਦਾਨ ਦੇਣਾ ਚਾਹੀਦਾ ਹੈ । ਮੂਰਤੀ ਪੂਜਾ , ਛੂਤ - ਛਾਤ ਦਾ ਉਨ੍ਹਾਂ ਨੇ ਡਟ ਕੇ ਵਿਰੋਧ ਕੀਤਾ । ਉਨਾਂ ਦੀ ਮੁੱਖ ਸਿੱਖਿਆ ਸੀ : ਕਿਰਤ ਕਰੋ , ਨਾਮ ਜਪੋ , ਵੰਡ ਛਕੋ'।
ਕਰਤਾਰਪੁਰ ਰਹਿੰਦਿਆਂ ਹੀ ਆਪ ਨੇ ਪੂਰੀ ਤਰ੍ਹਾਂ ਨਿਰਖ - ਪਰਖ ਕੇ ਆਪਣੀ ਗੱਦੀ ਦਾ ਵਾਰਸ ਆਪਣੇ ਪੁੱਤਰਾਂ ਦੀ ਥਾਂ ਗੁਰੂ ਅੰਗਦ ਦੇਵ ਜੀ ਨੂੰ ਚੁਣਿਆ । ਆਪ 1539 ਈ. ਨੂੰ ਕਰਤਾਰਪੁਰ ਵਿਖੇ ਹੀ ਜੋਤੀ - ਜੋਤਿ ਸਮਾ ਗਏ | ਆਪ ਦੀ ਇੱਕ ਗੁਰੂ ਵਜੋਂ, ਸਾਹਿਤਕਾਰ ਵਜੋਂ , ਸਮਾਜ ਸੁਧਾਰਕ ਵਜੋਂ ਦੇਣ ਸੱਚਮੁੱਚ ਸਾਡੀ ਅਗਵਾਈ ਕਰਦੀ ਰਹੇਗੀ ।