ਸਵੇਰ ਦੀ ਸੈਰ- ਲੇਖ, Punjabi essay on "Savere Di Sair" for students, Morning Walk essay in Punjabi


ਸਵੇਰ ਦੀ ਸੈਰ

ਭੂਮਿਕਾ - ਸਵੇਰ ਦੀ ਸੈਰ ਸਾਡੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ । ਇਹ ਹਰ ਉਮਰ ਦੇ ਬੰਦੇ ਲਈ ਜ਼ਰੂਰੀ ਹੈ । ਸਵੇਰ ਦੀ ਸੈਰ ਕਰਨ ਨਾਲ ਮਨੁੱਖੀ ਦਿਮਾਗ਼ ਤੇ ਸਰੀਰ ਦੋਹਾਂ ਨੂੰ ਤਾਜ਼ਗੀ ਮਿਲਦੀ ਹੈ । ਇਸ ਨਾਲ ਸਰੀਰ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ ਤੇ ਬਿਮਾਰੀਆਂ ਕੋਹਾਂ ਦੂਰ ਭੱਜਦੀਆਂ ਹਨ । ਚੁਸਤ ਤੇ ਤੰਦਰੁਸਤ ਸਰੀਰ ਨੂੰ ਛੇਤੀ ਥਕਾਵਟ ਨਹੀਂ ਹੁੰਦੀ ਤੇ ਕੰਮ ਕਰਨ ਨੂੰ ਜੀਅ ਕਰਦਾ ਹੈ ।

ਸਵੇਰ ਦਾ ਸੁੰਦਰ ਨਜ਼ਾਰਾ - ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ । ਸਵੇਰ ਦੀ ਹਵਾ ਜਿੱਥੇ ਸਾਫ਼ ਤੇ ਸ਼ੁੱਧ ਹੁੰਦੀ ਹੀ ਹੈ ਉੱਥੇ ਸਵੇਰ ਸਮੇਂ ਸ਼ੋਰ ਸ਼ਰਾਬਾ ਵੀ ਘੱਟ ਹੁੰਦਾ ਹੈ । ਸਵੇਰੇ - ਸਵੇਰੇ ਪੰਛੀਆਂ ਦੀ ਚਹਿਕ ਵੀ ਸੁਣਾਈ ਦਿੰਦੀ ਹੈ । ਖਿੜੇ ਹੋਏ ਫੁੱਲ ਅਤੇ ਹਰੇ-ਭਰੇ ਬੂਟੇ ਮਨਾਂ ਨੂੰ ਖਿੱਚ ਪਾਉਂਦੇ ਹਨ । ਸਵੇਰੇ ਬਹੁਤ ਸਾਰੇ ਲੋਕ ਸੈਰ ਕਰ ਰਹੇ ਹੁੰਦੇ ਹਨ । ਕਈ ਹੌਲ਼ੀ-ਹੌਲ਼ੀ ਤੁਰਦੇ ਹਨ ਤੇ ਕਈ ਤੇਜ਼-ਤੇਜ਼ ਤੁਰ ਕੇ ਚੱਕਰ ਕੱਟਦੇ ਹਨ ।

ਸਵੇਰ ਦੀ ਸੈਰ ਦੇ ਲਾਭ - ਮੈਂ ਆਪਣੇ ਮਿੱਤਰ ਨਾਲ ਹਰ ਰੋਜ਼ ਸਵੇਰ ਦੀ ਸੈਰ ਕਰਨ ਲਈ ਜਾਂਦਾ ਹਾਂ । ਸਾਨੂੰ ਦੋਹਾਂ ਨੂੰ ਇਸ ਸੈਰ ਦੌਰਾਨ ਬੜਾ ਮਜ਼ਾ ਆਉਂਦਾ ਹੈ । ਅਸੀਂ ਨੇੜੇ ਹੀ ਬਾਗ਼ ਵਿੱਚ ਚਲੇ ਜਾਂਦੇ ਹਾਂ ਤੇ ਨੰਗੇ ਪੈਰੀਂ ਹਰੀ-ਹਰੀ ਘਾਹ 'ਤੇ ਤੁਰਦੇ ਹਾਂ । ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ । ਸਵੇਰ ਦੀ ਸ਼ੁੱਧ ਹਵਾ ਵਿੱਚ ਲੰਮੇ-ਲੰਮੇ ਸਾਹ ਲੈਣ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਤੇ ਦਿਲੋ-ਦਿਮਾਗ 'ਤੇ ਚੰਗਾ ਅਸਰ ਪੈਂਦਾ ਹੈ । ਸੈਰ ਕਰਨ ਨਾਲ ਲੱਤਾਂ ਮਜ਼ਬੂਤ ਹੁੰਦੀਆਂ ਹਨ । ਭੁੱਖ ਵੀ ਵਧੇਰੇ ਲੱਗਦੀ ਹੈ ਤੇ ਪਾਚਨ ਸ਼ਕਤੀ ਵੀ ਵਧਦੀ ਹੈ ।

ਨੌਜਵਾਨਾਂ ਤੇ ਬਜ਼ੁਰਗਾਂ ਲਈ ਫ਼ਾਇਦੇ - ਕਈ ਨੌਜਵਾਨ ਤਾਂ ਦੌੜਨ ਦਾ ਅਭਿਆਸ ਵੀ ਕਰਨ ਲੱਗ ਪੈਂਦੇ ਹਨ। ਬਜ਼ੁਰਗ ਜੋੜੇ ਬੜੇ ਠਰ੍ਹੰਮੇ ਨਾਲ ਸੈਰ ਕਰਦੇ ਦਿਖਾਈ ਦਿੰਦੇ ਹਨ । ਬਜ਼ੁਰਗ ਔਰਤਾਂ ਤੇ ਮਰਦ ਇਸ ਸੈਰ ਦੌਰਾਨ ਬੜੇ ਖੁਸ਼ ਵਿਖਾਈ ਦਿੰਦੇ ਹਨ । ਕਦੇ-ਕਦੇ ਮੇਰੇ ਦਾਦਾ-ਦਾਦੀ ਜੀ ਵੀ ਸੈਰ ਕਰਨ ਨਿਕਲ ਪੈਂਦੇ ਹਨ । ਮੈਂ ਤੇ ਮੇਰਾ ਮਿੱਤਰ ਨਹਿਰ ਵੱਲ ਵੀ ਸੈਰ ਕਰਨ ਚਲੇ ਜਾਂਦੇ ਹਾਂ । ਉੱਥੇ ਕਈ ਨੌਜਵਾਨ ਤੈਰਨ ਦਾ ਅਭਿਆਸ ਵੀ ਕਰਦੇ ਹਨ । ਇਸ ਤਰ੍ਹਾਂ ਇੱਕ ਘੰਟਾ ਸੈਰ ਕਰ ਕੇ ਅਸੀਂ ਵਾਪਸ ਆਉਂਦੇ ਹਾਂ ਤੇ ਫਿਰ ਸਕੂਲ ਜਾਣ ਦੀ ਤਿਆਰੀ ਕਰ ਲੈਂਦੇ ਹਾਂ ।

ਸਾਰੰਸ਼ - ਮੈਨੂੰ ਸਵੇਰ ਦੀ ਸੈਰ ਬਹੁਤ ਪਸੰਦ ਹੈ ਤੇ ਸਵੇਰ ਦਾ ਤਰੋ-ਤਾਜ਼ਾ ਦ੍ਰਿਸ਼ ਸਾਰੇ ਦਿਨ ਨੂੰ ਖੇੜਾ ਦਿੰਦਾ ਹੈ। ਸਵੇਰ ਦੀ ਸੈਰ ਮਨੁੱਖ ਲਈ ਬਹੁਤ ਲਾਹੇਵੰਦ ਹੁੰਦੀ ਹੈ । ਸਾਨੂੰ ਸਾਰਿਆਂ ਨੂੰ ਸਵੇਰੇ ਨੀਂਦ ਦਾ ਤਿਆਗ ਕਰਕੇ ਜਲਦੀ ਉੱਠਣਾ ਚਾਹੀਦਾ ਹੈ ਅਤੇ ਸੈਰ ਲਈ ਜਾਣਾ ਚਾਹੀਦਾ ਹੈ । ਸੈਰ ਦੀ ਆਦਤ ਬਹੁਤ ਹੀ ਚੰਗੀ ਆਦਤ ਹੈ ।


3 comments:

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...