ਲੇਖ: ਗੁਰੂ ਗੋਬਿੰਦ ਸਿੰਘ ਜੀ
ਭੂਮਿਕਾ: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਅਤੇ ਸਰਬੰਸ ਦੇਸ਼, ਕੌਮ ਅਤੇ ਧਰਮ ਖ਼ਾਤਰ ਕੁਰਬਾਨ ਕਰ ਦਿੱਤਾ, ਜਿਸ ਕਰਕੇ ਆਪ ਨੂੰ ਇਤਿਹਾਸ ਵਿੱਚ 'ਸਰਬੰਸ ਦਾਨੀ' ਆਖ ਕੇ ਸਤਿਕਾਰਿਆ ਜਾਂਦਾ ਹੈ। ਗੁਰੁ ਗੋਬਿੰਦ ਸਿੰਘ ਜੀ ਇਕ ਸੰਤ-ਸਿਪਾਹੀ ਸਨ | ਆਪ ਇਕ ਯੋਧਾ ਹੋਣ ਦੇ ਨਾਲ-ਨਾਲ ਫਕੀਰ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਇਕ ਅਜਿਹੇ ਮਹਾਂਪੁਰਖ ਸਨ, ਜਿਨ੍ਹਾਂ ਨੇ ਸਿੱਖਾਂ ਨੂੰ ਵੀਰ ਸੈਨਿਕਾਂ ਵਿਚ ਬਦਲ ਕੇ ਸਿੱਖ ਜਾਤ ਨੂੰ ਇਕ ਵੀਰ ਜਾਤ ਬਣਾ ਦਿੱਤਾ।
ਜਨਮ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ : ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ । ਆਪ ਦਾ ਜਨਮ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ । ਜਨਮ ਸਮੇਂ ਆਪ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਸਾਮ ਗਏ ਹੋਏ ਸਨ ।
ਬਚਪਨ: ਆਪ ਦਾ ਬਚਪਨ ਪਟਨੇ ਵਿਖੇ ਬਤੀਤ ਹੋਇਆ । ਬਚਪਨ ਤੋਂ ਹੀ ਆਪ ਨੂੰ ਆਪਣੇ ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਲੜਾਈਆਂ ਲੜਨ ਦਾ ਸ਼ੌਕ ਸੀ । ਬਚਪਨ ਤੋਂ ਹੀ ਨਿਸ਼ਾਨੇਬਾਜ਼ ਬਣਨ ਦੇ ਸ਼ੌਕ ਨੇ ਆਪ ਨੂੰ ਮਹਾਨ ਯੋਧਾ ਬਣਾ ਦਿੱਤਾ । ਛੇ ਸਾਲ ਦੀ ਉਮਰ ਵਿੱਚ ਆਪ ਅਨੰਦਪੁਰ ਸਾਹਿਬ ਆ ਗਏ । ਇੱਥੇ ਆਪ ਨੇ ਵੱਖ - ਵੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ , ਬ੍ਰਜ , ਅਰਬੀ , ਫ਼ਾਰਸੀ ਅਤੇ ਪੰਜਾਬੀ ਸਿੱਖੀ । ਵੱਖ - ਵੱਖ ਗ੍ਰੰਥਾਂ ਦਾ ਅਧਿਐਨ ਕੀਤਾ ਖ਼ਾਸ ਕਰਕੇ ਆਦਿ ਗ੍ਰੰਥ ਸਾਹਿਬ ਜੀ ਦਾ । ਇੱਥੋਂ ਹੀ ਆਪ ਨੇ ਸ਼ਸਤਰ - ਵਿੱਦਿਆ ਵਿੱਚ ਮੁਹਾਰਤ ਪਾਈ ।
ਪਿਤਾ ਜੀ ਦੀ ਸ਼ਹੀਦੀ: ਔਰੰਗਜ਼ੇਬ ਹਿੰਦੁਆਂ 'ਤੇ ਅਤਿਆਚਾਰ ਕਰ ਰਿਹਾ ਸੀ । ਉਹ ਉਨ੍ਹਾਂ ਦਾ ਸਫ਼ਾਇਆ ਕਰਨ ਤੇ ਤੁਲਿਆ ਹੋਇਆ ਸੀ । ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆ ਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਸ ਬਚਾਅ ਲਈ ਫ਼ਰਿਆਦ ਕੀਤੀ । ਉਨ੍ਹਾਂ ਦਾ ਦੁੱਖ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਲਈ ਸ਼ਹੀਦ ਹੋਣ ਲਈ ਦਿੱਲੀ ਤੋਰਿਆ । ਉਸ ਸਮੇਂ ਆਪ ਦੀ ਉਮਰ ਮਸਾਂ ਨੌ ਸਾਲ ਸੀ । ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ।
ਗੁਰਗੱਦੀ ਸੰਭਾਲਣੀ : ਪਿਤਾ ਜੀ ਦੀ ਕੁਰਬਾਨੀ ਪਿੱਛੋਂ ਸਾਰੀ ਜ਼ਿੰਮੇਵਾਰੀ ਆਪ ਦੇ ਮੋਢਿਆਂ 'ਤੇ ਆ ਪਈ । ਉਸ ਸਮੇਂ ਆਪ ਦੇ ਚੁਫੇਰੇ ਸਮੱਸਿਆਵਾਂ ਹੀ ਸਮੱਸਿਆਵਾਂ ਸਨ । ਗੁਰਗੱਦੀ ਲਈ ਆਪਣੇ ਵੀ ਨਰਾਜ਼ ਸਨ । ਦੂਸਰਾ, ਆਪ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸਨ । ਆਪ ਨੇ ਆਪਣੀ ਫ਼ੌਜੀ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ । ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਿਆਂ ਨੂੰ ਕੇਸ ਰੱਖਣ ਦਾ ਹੁਕਮ ਦੇ ਦਿੱਤਾ । ਇਸ ਵੇਲੇ ਤੀਕ ਸਰਹਿੰਦ ਦਾ ਨਵਾਬ ਆਪ ਦਾ ਜਾਨੀ ਦੁਸ਼ਮਣ ਬਣ ਚੁੱਕਾ ਸੀ । ਕਈ ਪਾਸਿਆਂ ਤੋਂ ਆਪ ਵਿਰੁੱਧ ਪ੍ਰਚਾਰ ਹੋ ਰਿਹਾ ਸੀ ।
ਪਹਾੜੀ ਰਾਜਿਆਂ ਨਾਲ ਟੱਕਰ : 1686 ਈ. ਵਿੱਚ ਪਹਾੜੀ ਰਾਜਿਆਂ ਨਾਲ ਆਪ ਨੇ ਘਮਸਾਣ ਦਾ ਯੁੱਧ ਕੀਤਾ । ਭੰਗਾਣੀ ਦੇ ਇਸ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ ।
ਖ਼ਾਲਸਾ ਪੰਥ ਦੀ ਸਾਜਣਾ: 1699 ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਆਪ ਨੇ ਸਿੱਖ ਸੰਗਤਾਂ ਦਾ ਇੱਕ ਭਾਰੀ ਇਕੱਠ ਬੁਲਾਇਆ । ਸੰਗਤ ਦੀ ਹਾਜ਼ਰੀ ਵਿੱਚ ਆਪ ਨੇ ਬੜੇ ਹੀ ਵਚਿੱਤਰ ਢੰਗ ਨਾਲ ਪੰਜ ਵਿਅਕਤੀ ਚੁਣੇ। ਇਨ੍ਹਾਂ ਵਿੱਚ ਸਭ ਜਾਤਾਂ ਦੇ ਲੋਕ ਸਨ । ਆਪ ਨੇ ਪਹਿਲਾਂ ਉਨ੍ਹਾਂ ਪੰਜਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਫੇਰ ਆਪ ਉਨਾਂ ਦੇ ਹੱਥੋਂ ਅੰਮ੍ਰਿਤ ਛਕਿਆ। ਉਨ੍ਹਾਂ ਪੰਜ ਸਿੰਘਾਂ ਨੂੰ 'ਪੰਜ ਪਿਆਰੇ' ਆਖਿਆ। ਇਸ ਰਸਮ ਨਾਲ ਆਪ ਨੇ ਛੂਤ-ਛਾਤ, ਜਾਤ-ਪਾਤ ਦਾ ਖੰਡਨ ਕੀਤਾ । ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਤ ਕੀਤੀ । ਉਨ੍ਹਾਂ ਨੂੰ ਪੰਜ ਕਕਾਰ ਪਹਿਨਾਏ । ਇਸ ਪ੍ਰਕਾਰ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਗਲ-ਜਮਾਤੀ ਧਰਮ ਨੂੰ ਖ਼ਾਲਸਾਈ ਰੂਪ ਦੇ ਕੇ ਸੰਪੂਰਨ ਬਣਾ ਦਿੱਤਾ । ਆਪ ਨੇ ਖ਼ਾਲਸੇ ਨੂੰ ਉੱਚ ਪੱਦਵੀ ਬਖ਼ਸ਼ੀ: ਖ਼ਾਲਸਾ ਮੇਰੋ ਰੂਪ ਹੈ ਖਾਸ ॥
ਖ਼ਾਲਸੇ ਮਹਿ ਹਉਂ ਕਰੋ ਨਿਵਾਸ ॥
ਅਨੰਦਪੁਰ ਛੱਡਣਾ : ਗੁਰੂ ਜੀ ਦੀ ਵਧਦੀ ਲੋਕ-ਪ੍ਰਿਯਤਾ ਨੂੰ ਵੇਖ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਨੂੰ ਤ੍ਰੇਲੀਆਂ ਛੁੱਟ ਰਹੀਆਂ ਸਨ । ਦੋਹਾਂ ਸ਼ਕਤੀਆਂ ਨੇ ਮਿਲ ਕੇ ਗੁਰੂ ਜੀ ਤੇ ਹੱਲਾ ਬੋਲ ਦਿੱਤਾ । ਉਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ । ਲੜਾਈ ਕਈ ਦਿਨ ਚੱਲੀ । ਕਿਲ੍ਹੇ ਅੰਦਰਲਾ ਰਸਦ-ਪਾਣੀ ਮੁੱਕ ਗਿਆ । ਸਿੰਘ ਭੁੱਖੇ ਮਰਨ ਲੱਗੇ । ਦੂਸਰੇ ਪਾਸੇ ਮੁਗ਼ਲ ਫ਼ੌਜਾਂ ਵੀ ਢੇਰੀ ਢਾਈ ਬੈਠੀਆਂ ਸਨ । ਪਰ ਦੁਸ਼ਮਣ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਕਿਲ੍ਹਾ ਖ਼ਾਲੀ ਕਰਵਾਉਣਾ ਚਾਹੁੰਦੇ ਸਨ। ਅਖੀਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗਊ ਦੀ ਸੁਗੰਧ ਅਤੇ ਮੁਗਲਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਚੁਕਵਾ ਕੇ ਕਿਲ੍ਹਾ ਖ਼ਾਲੀ ਕਰ ਦਿੱਤਾ । ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਅਜੇ ਸਰਸਾ ਨਦੀ ਕੋਲ ਹੀ ਪਹੁੰਚੇ ਸਨ ਕਿ ਫ਼ਰੇਬੀਆਂ ਨੇ ਚੁੱਕੀਆਂ ਕਸਮਾਂ ਦੀ ਪਰਵਾਹ ਨਾ ਕਰ ਤੇ ਗੁਰੂ ਸਾਹਿਬ 'ਤੇ ਹੱਲਾ ਬੋਲ ਦਿੱਤਾ । ਸਰਸਾ ਨਦੀ ਕਿਨਾਰੇ ਲਹੂ ਡੋਲ੍ਹਵੀਂ ਲੜਾਈ ਹੋਈ । ਇਸ ਵਿੱਚ ਬਹੁਤ ਸਾਰੇ ਸਿੱਖ, ਬਹੁਮੁੱਲੀਆਂ ਵਸਤਾਂ ਅਤੇ ਢੇਰ ਸਾਰਾ ਰਚਿਆ ਸਾਹਿਤ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਇਸ ਸਮੇਂ ਆਪ ਦਾ ਸਾਰਾ ਪਰਿਵਾਰ ਆਪ ਤੋਂ ਵਿਛੜ ਗਿਆ।
ਚਮਕੌਰ ਦੀ ਲੜਾਈ : ਗੁਰੂ ਸਾਹਿਬ ਨੇ ਮੁਗ਼ਲਾਂ ਨਾਲ ਚਮਕੌਰ ਵਿਖੇ ਇੱਕ ਭਿਆਨਕ ਲੜਾਈ ਲੜੀ । ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਇਸ ਲੜਾਈ ਵਿੱਚ ਸ਼ਹੀਦ ਹੋ ਗਏ । ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਨੇ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ । ਇਸ ਲੜਾਈ ਪਿੱਛੋਂ ਗੁਰੂ ਸਾਹਿਬ ਮਾਛੀਵਾੜਾ ਦੇ ਜੰਗਲ਼ਾਂ ਵਿੱਚ ਚਲੇ ਗਏ ।
ਖਿਦਰਾਣੇ ਦੀ ਲੜਾਈ : ਮਾਛੀਵਾੜੇ ਦੇ ਜੰਗਲ਼ਾਂ ਵਿੱਚ ਰਹਿੰਦਿਆਂ ਆਪ ਨੇ ਆਪਣੀ ਤਾਕਤ ਦੁਬਾਰਾ ਇਕੱਠੀ ਕੀਤੀ । ਚਾਲੀ ਸਿੰਘ ਜੋ ਆਪ ਨੂੰ ਬੇਦਾਵਾ ਦੇ ਗਏ ਸਨ, ਉਹ ਵੀ ਆਪ ਨਾਲ਼ ਆ ਕੇ ਰਲ਼ ਗਏ । ਖਿਦਰਾਣੇ ਦੀ ਢਾਬ 'ਤੇ ਮੁਗਲਾਂ ਨਾਲ ਆਪ ਦੀ ਭਾਰੀ ਲੜਾਈ ਹੋਈ । ਇਸ ਲੜਾਈ ਵਿੱਚ ਉਹ ਚਾਲੀ ਸਿੰਘ ਵੀ ਸ਼ਹੀਦ ਹੋ ਗਏ । ਉਨ੍ਹਾਂ ਨੂੰ ਆਪ ਨੇ ਚਾਲ਼ੀ ਮੁਕਤਿਆਂ ਦਾ ਨਾਮ ਦਿੱਤਾ । ਉਨ੍ਹਾਂ ਦੇ ਨਾਂ 'ਤੇ ਹੀ ਖਿਦਰਾਣੇ ਦਾ ਨਾਂ ਮੁਕਤਸਰ ਰੱਖਿਆ ਗਿਆ।
ਤਲਵੰਡੀ ਸਾਬੋ ਜਾਣਾ : ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਚਲੇ ਗਏ । ਇੱਥੋਂ ਆਪ ਨੇ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਦੇ ਰੂਪ ਵਿੱਚ ਇੱਕ ਪੱਤਰ ਲਿਖਿਆ । ਇਹ ਪੱਤਰ ਹੀ ਜ਼ਾਲਮ ਔਰੰਗਜ਼ੇਬ ਦੀ ਮੌਤ ਦਾ ਕਾਰਨ ਬਣਿਆ । ਇੱਥੇ ਹੀ ਆਪ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲ਼ੀ ।
ਬੰਦਾ ਬਹਾਦਰ ਨੂੰ ਅਸ਼ੀਰਵਾਦ : ਅੰਤ ਆਪ ਨੰਦੇੜ ਚਲੇ ਗਏ । ਇੱਥੇ ਆਪ ਨੇ ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ । ਉਸ ਨੂੰ ਅਸ਼ੀਰਵਾਦ ਦੇ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਭੇਜ ਦਿੱਤਾ।
ਜੋਤੀ - ਜੋਤਿ ਸਮਾਉਣਾ : ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਨੇ ਗੁਰੂ ਸਾਹਿਬ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨੰਦੇੜ ਭੇਜੇ। ਆਪ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਜਿਸ ਸਮੇਂ ਆਪ ਤੇ ਹਮਲਾ ਹੋਇਆ । ਦੋਹਾਂ ਹਮਲਾਵਰਾਂ ਵਿੱਚੋਂ ਇੱਕ ਤਾਂ ਉੱਥੇ ਹੀ ਮਾਰ ਦਿੱਤਾ ਗਿਆ । ਦੂਸਰਾ ਭੱਜੇ ਜਾਂਦੇ ਮਾਰਿਆ ਗਿਆ । ਪਰ ਇਸ ਸਮੇਂ ਗੁਰੂ ਸਾਹਿਬ ਦੇ ਵੀ ਪੇਟ ਵਿੱਚ ਛੁਰਾ ਲੱਗਾ । ਅੰਤ ਆਪ 1708 ਈ. ਨੂੰ ਜੋਤੀ-ਜੋਤਿ ਸਮਾ ਗਏ । ਅੰਤ ਸਮੇਂ ਆਪ ਨੇ ਸਿੱਖਾਂ ਨੂੰ ਸੱਦ ਕੇ ਅੱਗੇ ਤੋਂ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਆਦੇਸ਼ ਦਿੱਤਾ ।
ਮਹਾਨ ਸਾਹਿਤਕਾਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪਰਮ ਮਨੁੱਖ, ਆਦਰਸ਼ ਸੰਤ-ਸਿਪਾਹੀ ਦੇ ਨਾਲ਼-ਨਾਲ਼ ਮਹਾਨ ਸਾਹਿਤਕਾਰ ਵੀ ਸਨ । ਉਹ ਆਪ ਵੀ ਸਾਹਿਤ ਰਚਦੇ ਅਤੇ ਦੂਸਰਿਆਂ ਨੂੰ ਵੀ ਸਾਹਿਤ ਰਚਨਾ ਲਈ ਪ੍ਰੇਰਦੇ ਰਹੇ । ਆਪ ਦੀ ਅਦੁੱਤੀ ਸ਼ਖਸ਼ੀਅਤ ਸਾਡੇ ਲਈ ਚਾਨਣ ਮੁਨਾਰਾ ਹੈ ।
Source: https://youtu.be/RLM7uvdQpc8