ਅਖ਼ਬਾਰ ਦੇ ਸੰਪਾਦਕ ਨੂੰ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਮਿਲਾਵਟ ਲਈ ਪੱਤਰ

ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਦੱਸੋ ਕਿ ਆਪਦੇ ਨਗਰ ਵਿੱਚ ਵਰਤੋਂ ਦੀਆਂ ਚੀਜ਼ਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਹਨ । ਇਸ ਦੀ ਰੋਕਥਾਮ ਲਈ ਸਰਕਾਰ ਪ੍ਰਬੰਧ ਕਰੇ।

                                              ਪਰੀਖਿਆ ਭਵਨ ,
                                                ............ਸ਼ਹਿਰ।
                                            15 ਮਈ, 20.......।

ਸੇਵਾ ਵਿਖੇ
                ਸੰਪਾਦਕ ਸਾਹਿਬ ,
                ਰੋਜ਼ਾਨਾ ਜੱਗਬਾਣੀ ,
                ਜਲੰਧਰ ।

         
ਵਿਸ਼ਾ : ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਮਿਲਾਵਟ ਬਾਰੇ।

ਸ੍ਰੀਮਾਨ ਜੀ ,

       ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਮਿਲਾਵਟ ਬਾਰੇ ਜਾਣੂ ਕਰਵਾ ਕੇ ਇਸ ਵਿਰੁੱਧ ਕਰਵਾਈ ਲਈ ਜਾਗਰੂਕ ਕਰਨਾ ਚਾਹੁੰਦਾ ਹਾਂ ।
      ਅੱਜ ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ । ਪੈਸੇ ਦੇ ਲਾਲਚ ਵਿੱਚ ਲੋਕ ਏਨੇ ਗਿਰ ਗਏ ਹਨ ਕਿ ਕੋਈ ਸੀਮਾ ਬਾਕੀ ਨਹੀਂ ਬਚੀ। ਪੈਸੇ ਦੇ ਲਾਲਚ ਵਿੱਚ ਸਾਡੇ ਨਗਰ ਦੇ ਵਪਾਰੀ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ । ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਅੰਤਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ । ਕਹਿ ਕੇ ਦੇਸੀ ਘਿਓ ਵੇਚ ਰਹੇ ਹਨ ਪਰ ਉਸ ਵਿੱਚੋਂ ਸੂਰ ਦੀ ਚਰਬੀ ਦੀ ਬਦਬੂ ਆਉਂਦੀ ਹੈ । ਗਰਮ ਮਸਾਲਿਆਂ ਵਿੱਚ ਘੋੜਿਆਂ ਦੀ ਲਿੱਦ ਮਿਲ਼ੀ ਹੁੰਦੀ ਹੈ । ਕਾਲ਼ੀ ਮਿਰਚ ਵਿੱਚ ਪਪੀਤੇ ਦੇ ਬੀਜ ਰਲੇ ਮਿਲ ਰਹੇ ਹਨ। ਕਈ ਕੈਮੀਕਲ ਰਲਾ ਕੇ ਦੁੱਧ ਤਿਆਰ ਕੀਤਾ ਜਾ ਰਿਹਾ ਹੈ । ਆਟੇ ਵਿੱਚ ਕੀ ਕੁਝ ਮਿਲਿਆ ਹੁੰਦਾ ਹੈ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ । ਹਲਦੀ , ਲਾਲ ਮਿਰਚ ਆਦਿ ਵਿੱਚ ਵੀ ਕਈ ਕੁਝ ਰਲਾਇਆ ਜਾ ਰਿਹਾ ਹੈ । ਦਾਲਾਂ ਵਿੱਚ ਬਾਰੀਕ - ਬਾਰੀਕ ਪੱਥਰ ਮਿਲੇ ਹੁੰਦੇ ਹਨ । ਇਹਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਚੀਜ਼ਾਂ ਦੁੱਧ ,ਮਸਾਲੇ , ਨਮਕ , ਦਾਲਾਂ , ਆਟਾ ਹਨ ਜਿਨ੍ਹਾਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਂਦੀ ਹੈ । ਹਾਲਤ ਏਨੀ ਮਾੜੀ ਹੋ ਗਈ ਹੈ ਕਿ ਜ਼ਹਿਰ ਵੀ ਲੈ ਲਈ ਜਾਵੇ ਤਾਂ ਉਸ ਵਿੱਚ ਵੀ ਮਿਲਾਵਟ ਹੈ । ਮਿਲਾਵਟ ਦੀਆਂ ਇਹ ਵਸਤਾਂ ਖਾ ਕੇ ਸਾਡੇ ਨਗਰ ਦੇ ਲੋਕ ਗੰਭੀਰ ਪੇਟ ਦੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਗਏ ਹਨ । ਕਈਆਂ ਲਈ ਤਾਂ ਇਹ ਬਿਮਾਰੀਆਂ ਜਾਨਲੇਵਾ ਸਾਬਤ ਹੋਈਆਂ ਹਨ ।
       ਇਹ ਮਿਲਾਵਟ ਦਾ ਧੰਦਾ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ । ਪਹਿਲਾਂ ਇਸ ਨਗਰ ਦੇ ਹਲਵਾਈ ਨਕਲੀ ਮਿਠਿਆਈਆਂ ਤੇ ਨਕਲੀ ਪਨੀਰ ਬਣਾਉਂਦੇ ਫੜੇ ਗਏ ਸਨ । ਕੁਝ ਲੋਕਾਂ ਨੇ ਵੱਡੀਆਂ ਕੰਪਨੀਆਂ ਵਾਲੇ ਨਾਂ ਰੱਖ ਕੇ ਧੋਖਾ ਦੇਣ ਦਾ ਕੰਮ ਸ਼ੁਰੂ ਕੀਤਾ ਹੈ । ਕੋਲਡ ਡ੍ਰਿੰਕਸ ਅਤੇ ਦਵਾਈਆਂ ਵੀ ਨਕਲੀ ਮਿਲ ਰਹੀਆਂ ਹਨ ।
      ਨਗਰ ਦੇ ਲੋਕਾਂ ਦੀਆਂ ਜਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਗੰਭੀਰ ਸਮੱਸਿਆ ਵਿਰੁੱਧ ਜਲਦ ਤੋਂ ਜਲਦ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਸਭ ਤੋਂ ਪਹਿਲਾਂ ਅਜਿਹੇ ਉੱਡਣ - ਦਸਤੇ ਬਣਾਏ ਜਾਣ ਜੋ ਦੁਕਾਨਾਂ 'ਤੇ ਜਾ ਕੇ ਅਚਾਨਕ ਛਾਪੇ ਮਾਰਨ , ਸੈਂਪਲ ਭਰ ਕੇ ਮਿਲਾਵਟ ਦੀ ਪੁਸ਼ਟੀ ਕਰਨ । ਦੂਸਰਾ , ਇਹਨਾਂ ਮਿਲਾਵਟੀ ਧੰਦਾ ਕਰਨ ਵਾਲੇ ਲੋਕਾਂ ਨੂੰ ਸਲਾਖਾਂ ਪਿੱਛੇ ਧੱਕ ਦੇਣਾ ਚਾਹੀਦਾ ਹੈ । ਇਹਨਾਂ ਦਾ ਕਾਲਾ ਧੰਦਾ ਹਮੇਸ਼ਾਂ ਲਈ ਖ਼ਤਮ ਕਰ ਦੇਣਾ ਚਾਹੀਦਾ ਹੈ ।
      ਆਸ ਹੈ ਕਿ ਆਪ ਆਪਣੇ ਅਖ਼ਬਾਰ ਵਿੱਚ ਇਹ ਵਿਚਾਰ ਪ੍ਰਕਾਸ਼ਿਤ ਕਰਕੇ ਲੋਕਾਂ ਅਤੇ ਸਰਕਾਰ ਨੂੰ ਕਾਰਵਾਈ ਲਈ ਜਾਗਰੂਕ ਕਰੋਗੇ ।
                   ਧੰਨਵਾਦ ਸਹਿਤ ,
                                           ਆਪ ਦਾ ਵਿਸ਼ਵਾਸਪਾਤਰ,
                                         ਨਾਂ . . . . . . . . . . . . . . ।   

No comments:

Post a Comment

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...