ਭੂਮਿਕਾ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਂ ਤੋਂ ਭਾਰਤ ਦਾ ਬੱਚਾ - ਬੱਚਾ ਜਾਣੂ ਹੈ । ਆਪ ਨੂੰ ਸਭ ਭਾਰਤੀ 'ਬਾਪੂ' ਆਖ ਕੇ ਪੁਕਾਰਦੇ ਹਨ। ਅਾਪ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ . ਆਪ ਨੇ ਆਪਣੇ ਜੀਵਨ ਦਾ ਵਧੇਰੇ ਭਾਗ ਭਾਰਤ ਦੀ ਅਜ਼ਾਦੀ ਦੇ ਲੇਖੇ ਲਾ ਦਿੱਤਾ । ਭਾਰਤ ਦੀ ਅਜ਼ਾਦੀ ਦਾ ਸਿਹਰਾ ਆਪ ਦੇ ਸਿਰ ਹੀ ਹੈ । ਆਪ ਅਹਿੰਸਾ , ਸ਼ਾਂਤੀ ਤੇ ਸਾਂਝੀਵਾਲਤਾ ਦੇ ਪੁਜਾਰੀ ਸਨ । ਉਹ ਇੱਕ ਬਹੁਤ ਵੱਡੇ ਸਮਾਜ ਸੁਧਾਰਕ ਸਨ ਅਤੇ ਭਾਰਤੀ ਰਾਸ਼ਟਰੀਅਤਾ ਦੇ ਪ੍ਰਤੀਕ ਸਨ
ਜਨਮ ਅਤੇ ਵਿਆਹ : ਆਪ ਦਾ ਜਨਮ 2 ਅਕਤੂਬਰ , 1869 ਈ. ਨੂੰ ਗੁਜਰਾਤ ( ਕਾਠੀਆਵਾੜ ) ਦੀ ਨਿੱਕੀ ਜਿਹੀ ਰਿਆਸਤ ਪੋਰਬੰਦਰ ਵਿਖੇ ਹੋਇਆ । ਆਪ ਦੇ ਪਿਤਾ ਕਰਮ ਚੰਦ ਰਾਜਕੋਟ ਰਿਆਸਤ ਦੇ ਦੀਵਾਨ ਸਨ ।
ਇਨ੍ਹਾਂ ਦੀ ਮਾਂ ਦਾ ਨਾਂ ਪੁਤਲੀਬਾਈ ਸੀ । ਇਹ ਵਰਣ ਤੋਂ ਵੈਸ਼ ਸਨ। ਪਰਿਵਾਰ ਦੀਆਂ ਧਾਰਮਿਕ ਰੁਚੀਆਂ ਦਾ ਇਨ੍ਹਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਪਿਆ । 1881 ਵਿੱਚ ਇਨ੍ਹਾਂ ਦਾ ਵਿਆਹ ਕਸਤੂਰਬਾ ਨਾਲ ਹੋਇਆ ।
ਸੱਚ ਨਾਲ ਪਿਆਰ : ਗਾਂਧੀ ਜੀ ਨੂੰ ਸੱਚ ਨਾਲ ਸ਼ੁਰੂ ਤੋਂ ਪਿਆਰ ਸੀ । ਇਸੇ ਲਈ ਉਹਨਾਂ ਨੇ ਸਕੂਲ ਵਿੱਚ ਅਧਿਆਪਕ ਦੇ ਇਸ਼ਾਰੇ 'ਤੇ ਵੀ ਪਰੀਖਿਆ ਸਮੇਂ ਦੂਜੇ ਮੁੰਡੇ ਦੀ ਨਕਲ ਨਹੀਂ ਸੀ ਕੀਤੀ । ਉਹ ਹੈਰਾਨ ਸਨ ਕਿ ਅਧਿਆਪਕ ਤਾਂ ਨਕਲ ਰੋਕਣ ਲਈ ਹੁੰਦੇ ਹਨ , ਨਕਲ ਕਰਵਾਉਣ ਲਈ ਨਹੀਂ ।
ਵਲਾਇਤ ਜਾਣਾ : ਆਪ ਨੇ ਮੁਢਲੀ ਵਿੱਦਿਆ ਰਾਜਕੋਟ ਤੋਂ ਪ੍ਰਾਪਤ ਕੀਤੀ । 1888 ਵਿੱਚ ਇਹ ਵਕਾਲਤ ਪਾਸ ਕਰਨ ਲਈ ਇੰਗਲੈਂਡ ਚਲੇ ਗਏ। ਇੰਗਲੈਂਡ ਤੋਂ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤ ਆ ਕੇ ਵਕਾਲਤ ਸ਼ੁਰੂ ਕੀਤੀ । ਗਾਂਧੀ ਜੀ ਦੇ ਵਲਾਇਤ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਨੇ ਆਪ ਪਾਸੋਂ ਸੱਚ ਬੋਲਣ , ਸ਼ਰਾਬ ਤੇ ਮਾਸ ਤੋਂ ਦੂਰ ਰਹਿਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦਾ ਪ੍ਰਣ ਲਏ | ਆਪ ਨੇ ਸਾਰੀ ਉਮਰ ਇਹਨਾਂ ਪ੍ਰਣਾਂ ਨੂੰ ਨਿਭਾਉਣ ਦਾ ਯਤਨ ਕੀਤਾ ।
ਦੱਖਣੀ ਅਫ਼ਰੀਕਾ ਜਾਣਾ: 1893 ਈ: ਵਿੱਚ ਆਪ ਨੂੰ ਇੱਕ ਮੁਕੱਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫ਼ਰੀਕਾ ਵਿੱਚ ਜਾਣਾ ਪਿਆ । ਉੱਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਖੁਦ ਵੀ ਭੇਦਭਾਵ ਨਾਲ ਭਰੀਆਂ ਕਈ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਇਹ ਸਾਰੀਆਂ ਘਟਨਾਵਾਂ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮੋੜ ਬਣ ਕੇ ਆਈਆਂ। ਆਪ ਨੇ ਭਾਰਤੀਆਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵਿੱਚ ਸੰਗਠਨ ਤੇ ਏਕਤਾ ਭਰ ਕੇ ਸ਼ਾਂਤਮਈ ਸਤਿਆਗ੍ਰਹਿ ਸ਼ੁਰੂ ਕੀਤਾ ਤੇ ਆਪ ਨੇ ਸਫਲਤਾ ਪ੍ਰਾਪਤ ਕੀਤੀ।
ਅਜ਼ਾਦੀ ਦੀ ਲੜਾਈ ਵਿੱਚ ਹਿੱਸਾ : 1916 ਈ . ਵਿੱਚ ਮਹਾਤਮਾ ਗਾਂਧੀ ਭਾਰਤ ਵਾਪਸ ਆ ਗਏ । ਇੱਥੇ ਅੰਗਰੇਜ਼ਾਂ ਨੇ ਭਾਰਤੀਆਂ ਉੱਤੇ ਜ਼ੁਲਮ ਢਾਏ ਹੋਏ ਸਨ । ਭਾਰਤੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਲੱਗੇ ਹੋਏ ਸਨ । ਵਿਦੇਸ਼ੀ ਸਰਕਾਰ ਦੇਸ - ਭਗਤਾਂ ਉੱਤੇ ਅਤਿਆਚਾਰ ਤੇ ਸਖ਼ਤੀਆਂ ਕਰ ਰਹੀ ਸੀ । ਗਾਂਧੀ ਜੀ ਵੀ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ । ਅੰਗਰੇਜ਼ਾਂ ਨੇ ਪਹਿਲੇ ਵਿਸ਼ਵ - ਯੁੱਧ ਪਿੱਛੋਂ ਭਾਰਤ ਨੂੰ ਅਜ਼ਾਦੀ ਦੇਣ ਦਾ ਵਚਨ ਦਿੱਤਾ ਸੀ ਪਰ ਯੁੱਧ ਖਤਮ ਹੋਣ ' ਤੇ ਉਹਨਾਂ ਨੇ ਅਜ਼ਾਦੀ ਦੀ ਥਾਂ ਰੌੋਲਟ ਐਕਟ ਪਾਸ ਕਰ ਦਿੱਤਾ ਜਿਸ ਰਾਹੀਂ ਭਾਰਤੀਆਂ ਦੀ ਅਵਾਜ਼ ਉੱਤੇ ਬਹੁਤ ਸਾਰੀਆਂ ਹੋਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ : 1919 ਈ . ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਹੱਤਿਆ ਕਾਂਡ ਵਿੱਚ ਸੈਂਕੜੇ ਭਾਰਤੀ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ । ਇਸ ਕਾਂਡ ਨਾਲ ਗਾਂਧੀ ਜੀ ਬਹੁਤ ਦੁਖੀ ਹੋਏ । ਉਹਨਾਂ ਨੇ ਅੰਗਰੇਜ਼ ਸਰਕਾਰ ਨਾਲ ਸਿੱਧੀ ਟੱਕਰ ਲਈ ਤੇ 'ਨਾ - ਮਿਲਵਰਤਨ' ਅੰਦੋਲਨ ਸ਼ੁਰੂ ਕਰ ਦਿੱਤਾ । ਇਸ ਅੰਦੋਲਨ ਦੇ ਕਾਰਨ ਆਪ ਨੂੰ ਜੇਲ੍ਹ ਭੇਜ ਦਿੱਤਾ ਗਿਆ ।
ਅੰਗਰੇਜ਼ਾਂ ਦੀ ਵੰਡ ਤੇ ਰਾਜ ਕਰੋ ਦੀ ਨੀਤੀ : ਅੰਗਰੇਜ਼ੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਭਾਰਤ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਕਾਫ਼ੀ ਸ਼ਕਤੀਸ਼ਾਲੀ ਬਣ ਗਈ ਹੈ । ਫਿਰ ਵੀ ਅੰਗਰੇਜ਼ ਭਾਰਤ ਨੂੰ ਆਪਣੇ ਪੰਜੇ ਵਿੱਚੋਂ ਛੱਡਣਾ ਨਹੀਂ ਸੀ ਚਾਹੁੰਦੇ । ਇਸ ਲਈ ਅੰਗਰੇਜ਼ਾਂ ਨੇ 'ਪਾੜੋ ( ਵੰਡੋ ) ਤੇ ਰਾਜ ਕਰੋ' ਦੇ ਸਿਧਾਂਤ ਨੂੰ ਲਾਗੂ ਕਰ ਕੇ 'ਮੁਸਲਿਮ ਲੀਗ' ਨੂੰ ਉਤਸ਼ਾਹ ਦਿੱਤਾ । ਗਾਂਧੀ ਜੀ ਸ਼ਾਂਤੀ ਦੇ ਅਵਤਾਰ ਸਨ । ਉਹ ਸਾਂਝੀਵਾਲਤਾ ਦੇ ਪੁਜਾਰੀ ਸਨ । ਤਿੰਨ ਗੋਲਮੇਜ਼ ਕਾਨਫ਼ਰੰਸਾਂ ਹੋਈਆਂ ਪਰ ਕੋਈ ਨਤੀਜਾ ਨਾ ਨਿਕਲਿਆ ।
ਜੇਲ਼ - ਯਾਤਰਾ ਤੇ ਦੇਸ ਦੀ ਅਜ਼ਾਦੀ : ਗਾਂਧੀ ਜੀ ਨੇ ਲੋਕਾਂ ਵਿੱਚ ਜਾਗ੍ਰਿਤੀ ਲਿਆਂਦੀ । ਉਹਨਾਂ ਨੇ ਆਪਣੇ ਹੱਕਾਂ ਦੀ ਮੰਗ ਤੇਜ਼ ਕਰ ਦਿੱਤੀ । 1920 ਈ . ਤੋਂ ਅਜ਼ਾਦੀ ਮਿਲਨ ਤੱਕ ਆਪ ਨੂੰ ਕਈ ਵਾਰ ਜੇਲ੍ਹ ਯਾਤਰਾ ਕਰਨੀ ਪਈ । ਆਪ ਨੇ ਕੋਈ ਪਰਵਾਹ ਨਾ ਕੀਤੀ ਤੇ ਅਜ਼ਾਦੀ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾ ਛੱਡਿਆ । ਆਪ ਦੀ ਘਾਲਣਾ ਦਾ ਨਤੀਜਾ ਇਹ ਹੋਇਆ ਕਿ 15 ਅਗਸਤ , 1947 ਈ: ਨੂੰ ਭਾਰਤ ਨੂੰ ਅਜ਼ਾਦੀ ਮਿਲ ਗਈ ।
ਸ਼ਹੀਦੀ : ਗਾਂਧੀ ਜੀ ਨੇ ਅਜ਼ਾਦੀ ਤਾਂ ਪਾਪਤ ਕਰ ਲਈ ਪਰ ਅਜ਼ਾਦੀ ਨੂੰ ਵੱਧਦਾ - ਫੁੱਲਦਾ ਨਾ ਦੇਖ ਸਕੇ । 30 ਜਨਵਰੀ 1948 ਈ. ਨੂੰ ਆਪ ਨੂੰ ਨੱਥੂ ਰਾਮ ਗਾਡਸੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਮੌਤ ਦੀ ਖ਼ਬਰ ਨੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ । ਉਹਨਾਂ ਦੀ ਮੌਤ ਨਾਲ ਇੱਕ ਯੁੱਗ ਖ਼ਤਮ ਹੋ ਗਿਆ ।
ਸਾਰਾਂਸ਼ : ਗਾਂਧੀ ਜੀ ਇੱਕ ਪੂਰਨ ਇਨਸਾਨ , ਇੱਕ ਸੁਲਝੇ ਹੋਏ ਰਾਜਨੀਤਿਕ ਤੇ ਸ਼ਾਂਤੀ ਦੇ ਅਵਤਾਰ ਸਨ । ਮਹਾਤਾਮਾ ਗਾਂਧੀ ਨੂੰ ਜੀਵਨ ਦੇ ਸਾਰੇ ਮਹਾਨ ਕੰਮਾਂ ਅਤੇ ਮਹਾਨਤਾ ਦੇ ਕਾਰਨ 'ਮਹਾਤਮਾ' ਕਿਹਾ ਜਾਂਦਾ ਹੈ। ਉਹ ਇਕ ਮਹਾਨ ਅਜ਼ਾਦੀ ਘੁਲਾਟੀਏ ਅਤੇ ਅਹਿੰਸਕ ਅੰਦੋਲਨਕਾਰ ਸਨ।
ਗਾਂਧੀ ਜੀ ਅਹਿੰਸਾ ਦੇ ਪੁਜਾਰੀ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦਾ ਨਾਂ ਲੋਕਾਂ ਦੇ ਦਿਲਾਂ ਵਿਚ ਸਦਾ ਅਮਰ ਰਹੇਗਾ।