ਮੇਰਾ ਮਨਪਸੰਦ ਕਵੀ - ਸ਼ਿਵ ਕੁਮਾਰ ਬਟਾਲਵੀ
ਕਵਿਤਾ ਸਾਹਿਤ ਦਾ ਇਕ ਸਰਵੋਤਮ ਰੂਪ ਹੈ, ਜੋ ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਦੀ ਹੈ। ਮੈਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਬਹੁਤ ਸਾਰੀਆਂ ਕਵਿਤਾਵਾਂ ਪੜ੍ਹੀਆਂ ਹਨ। ਜਦੋਂ ਵੀ ਮੇਰੇ ਕੋਲ ਖਾਲੀ ਸਮਾਂ ਹੁੰਦਾ ਹੈ, ਮੈਂ ਕਵਿਤਾਵਾਂ ਪੜ੍ਹਨਾ ਪਸੰਦ ਕਰਦਾ ਹਾਂ। ਕਵਿਤਾਵਾਂ ਬਹੁਤ ਹੀ ਮਨੋਰੰਜਕ, ਪ੍ਰੇਰਕ ਅਤੇ ਮਜ਼ੇਦਾਰ ਹੁੰਦੀਆਂ ਹਨ।
ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਮਹਾਨ ਕਵੀ ਹੋਏ ਹਨ, ਜਿਨ੍ਹਾਂ ਦੀ ਕਾਵਿ ਜਗਤ ਵਿੱਚ ਪ੍ਰਾਪਤੀ ਮਹਾਨ ਹੈ। ਸਾਰੇ ਕਵੀਆਂ ਵਿਚੋਂ, ਮੈਂ ਸ਼ਿਵ ਕੁਮਾਰ ਬਟਾਲਵੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਹ ਪੰਜਾਬੀ ਦੇ ਬਹੁਤ ਮਹਾਨ ਕਵੀ ਹੋਏ ਹਨ, ਜਿਨ੍ਹਾਂ ਦਾ ਜਨਮ 23 ਜੁਲਾਈ 1936 ਨੂੰ ਗੁਰਦਾਸਪੁਰ, ਪੰਜਾਬ ਵਿਚ ਹੋਇਆ। 36 - 37 ਸਾਲ ਦੀ ਭਰ ਜੋਬਨ ਰੁੱਤੇ ਆਪਣੀ ਜੀਵਨ ਲੀਲਾ ਮੁਕਾਉਣ ਵਾਲੇ ਇਸ ਸ਼ਾਇਰ ਨੇ ਕਾਵਿ-ਰਚਨਾ ਦਾ ਅਰੰਭ 1960 ਵਿੱਚ ਕੀਤਾ ।
ਵਿਛੋੜੇ ਦੀ ਤੜਪ , ਬਿਰਹਾ ਦੀ ਅਗਨ ਅਤੇ ਇੱਕਲਾਪੇ ਦੀ ਪੀੜ ਉਮਰ ਭਰ ਸਹਿਣ ਵਾਲਾ ਸ਼ਿਵ ਪੰਜਾਬੀ ਦਾ ਮਹਾਨ ਸ਼ਾਇਰ ਹੋ ਨਿਬੜਿਆ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਸੋਗਮਈ ਕਵਿਤਾਵਾਂ ਨਾਲ ਉਨ੍ਹਾਂ ਨੇ ਲੋਕਾਂ ਦਾ ਦਿਲ ਮੋਹ ਲਿਆ ਅਤੇ ਉਹ ਬਿਰਹਾ ਦੇ ਸੁਲਤਾਨ ਕਵੀ ਬਣ ਗਏ। ਸੈਂਤੀ ਵਰ੍ਹਿਆਂ ਦੀ ਨਿੱਕੀ ਜਿਹੀ ਉਮਰੇ ਉਨ੍ਹਾਂ ਨੇ ਯੁੱਗਾਂ ਜਿੰਨਾ ਕੰਮ ਮੁਕਾ ਲਿਆ ।
ਉਨ੍ਹਾਂ ਨੇ ਪੀੜ੍ਹਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ, ਲੂਣਾ ( ਮਹਾਂਕਾਵਿ ), ਮੈਂ ਤੇ ਮੈਂ, ਆਰਤੀ, ਬਿਰਹੜਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਅਲਵਿਦਾ ਆਦਿ ਲਾਜਵਾਬ ਕਾਵਿ ਸੰਗ੍ਰਹਿ ਰਚੇ । ਇਹਨਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ , ਪੀੜਾ , ਬਿਰਹਾ, ਮਰਦ ਦੇ ਅਨਿਆਇ ਦਾ ਸ਼ਿਕਾਰ ਇਸਤਰੀ ਅਤੇ ਮੌਤ ਆਦਿ ਹਨ । ਕਾਵਿ-ਨਾਟ ਲੂਣਾਂ ਲਈ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ |
ਮੈਂਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਾਵਿ-ਰਚਨਾ ਸਭ ਨਾਲੋਂ ਵਿਲੱਖਣ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਕਵਿਤਾ ਮੇਰੇ ਦਿਲ ਨੂੰ ਧੂਹ ਪਾਉਂਦੀ ਹੈ ਅਤੇ ਮੈਂ ਉਨ੍ਹਾਂ ਨੂੰ ਬਾਰ-ਬਾਰ ਪੜ੍ਹਨ ਲਈ ਮਜਬੂਰ ਹਾਂ। ਸ਼ਿਵ ਕੇਵਲ ਮੇਰਾ ਹੀ ਨਹੀਂ ਬਲਕਿ ਸਾਰੀ ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਨ ਹੈ। ਉਨ੍ਹਾਂ ਦਾ ਸਰੀਰ ਚਲਾ ਗਿਆ ਪਰ ਉਹ ਤਾਰਾ ਬਣ ਕੇ ਅੱਜ ਵੀ ਅਕਾਸ਼ ਵਿੱਚ ਟਿਮਟਿਮਾ ਰਿਹਾ ਹੈ । ਉਨ੍ਹਾਂ ਦਾ ਪੰਜਾਬੀ ਸਾਹਿਤ ਪ੍ਰਤੀ ਯੋਗਦਾਨ ਬੇਮਿਸਾਲ ਅਤੇ ਸਲਾਘਾ ਯੋਗ ਹੈ।
No comments:
Post a Comment